Wednesday 25 July 2018

ਸ਼ਬਦ

ਸ਼ਬਦ ਤਾਂ ਕਹੇ ਜਾ ਚੁੱਕੇ ਹਨ

ਅਸਾਥੋਂ ਵੀ ਬਹੁਤ ਪਹਿਲਾਂ

ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ

ਅਸਾਡੀ ਹਰ ਜ਼ਬਾਨ

ਜੇ ਹੋ ਸਕੇ ਤਾਂ ਕੱਟ ਲੈਣਾ

ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ।

ਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼


ਮੈਨੂੰ ਕਿਸੇ ਗ਼ੈਰ ਵਿਦਰੋਹੀ
ਨਜ਼ਮ ਦੀ ਤਲਾਸ਼ ਹੈ
ਤਾਂ ਕਿ ਮੈਨੂੰ ਕੋਈ ਦੋਸਤ
ਮਿਲ ਸਕੇ
ਮੈਂ ਆਪਣੀ ਸੋਚ ਦੇ ਨਹੁੰ
ਕੱਟਣੇ ਚਾਹੁੰਦਾ ਹਾਂ
ਤਾਂ ਕਿ ਮੈਨੂੰ ਕੋਈ
ਦੋਸਤ ਮਿਲ ਸਕੇ
ਮੈਂ ਤੇ ਉਹ
ਸਦਾ ਲਈ ਘੁਲ ਮਿਲ ਜਾਈਏ.
ਪਰ ਕੋਈ ਵਿਸ਼ਾ
ਗ਼ੈਰ ਵਿਦਰੋਹੀ ਨਹੀਂ ਮਿਲਦਾ
ਤਾਂ ਕਿ ਮੈਨੂੰ ਕੋਈ
ਦੋਸਤ ਮਿਲ ਸਕੇ

ਮਾਇਆ


ਅੰਤਿਮ ਜਿੱਤ ਦੇ ਨਸ਼ੇ 'ਚ
ਮਾਇਆ ਦੇ ਢੇਰ ਤੇ ਜਾ 
ਬੈਠਣ ਵਾਲੇ
ਭੁੱਲ ਗਏ 
ਕਿ ਮੱਖੀ-ਭਖ਼ਸ਼ ਰੁੱਖ ਵਾਂਙ
ਇਹ ਮਾਇਆ ਦਾ ਢੇਰ
ਮੂੰਹ ਖੋਲ੍ਹਦਾ ਹੈ
ਤੇ ਭਖ਼ਸ਼ ਕਰ ਲੈਂਦਾ ਹੈ

ਪੈੜ


ਕੀ ਤੁਹਾਨੂੰ ਦਿੱਸਦਾ ਹੈ
ਹਰ ਰੁੱਖ ਨੱਚਦਾ ਹੈ ਰਾਹਾਂ ਦੀ ਧੂੜ ਸਾਹ ਲੈਂਦੀ ਹੈ
ਖੂਹਾਂ ਦਾ ਪਾਣੀ ਬਾਹਰ ਆਉਂਦਾ ਹੈ
ਨਹਿਰ ਦੀਆਂ ਛੱਲਾਂ 'ਚ ਜੀਵਨ ਹੈ
ਕਿਸਾਨ ਤੁਰ ਪਏ ਹਨ
ਰਾਹਾਂ ਤੇ ਉਘੜ ਆਈ ਹੈ – ਜੁਝਾਰੂਆਂ ਦੀ ਪੈੜ
ਚੰਨ ਆਪਣਾ ਨਿੱਕਾ ਪੰਧ ਮੁਕਾ ਬੈਠਾ ਹੈ

ਕੰਮ ਤੋਂ ਪਿਛੋਂ


ਦਿਨ ਭਰ ਦੀ ਮਿਹਨਤ ਮਗਰੋਂ
ਉਹ ਲੜਾਂ ਨਾਲ ਬੰਨ੍ਹ ਲੈਂਦੇ
ਆਪਣੇ ਬੱਚੇ ਦੀ ਦਿਨ ਭਰ ਦੀ ਮਿਹਨਤ ਦਾ ਮੁੱਲ
ਦੋ ਰੋਟੀਆਂ ਦੀ ਵਕਾਲਤ ਕਰਦੇ ਹਨ
ਖੁਸ਼ਾਮਦੀ ਬਣਦੇ ਹਨ
ਮੁੰਡੇ ਦੀ ਮਾਂ ਦਾ ਹਾਲ ਦੱਸਦੇ ਹਨ
ਉੱਚੀ ਹੱਸਦੇ ਹਨ
ਬਹੁਤ ਚੁੱਪ ਕਰਦੇ ਹਨ
ਚਲੇ ਜਾਂਦੇ ਹਨ

ਕੋਹਲੂ


ਚਲਦਾ ਹੈ ਕੋਹਲੂ ਨੱਚੇ ਪਿਆ
ਉਹ ਵੀ ਪਿਸ ਜਾਊ ਜੋ ਬਚੇ ਪਿਆ
ਮਿਟ ਜਾਂਦੇ ਨੇ ਸਭ ਦੇ ਸਭ ਹੀ ਵਿਖਰੇਵੇਂ
ਨਾ ਟੋਕਰੀ ਵਾਲਾ ਹਟੇ ਪਿਆ
ਉੱਡ ਰਹੀਆਂ ਖੁਸ਼ਬੋਆਂ ਮਿਟ ਕੇ
ਤੇਲ ਤੁਪਕਾ ਤੁਪਕਾ ਰਸੇ ਪਿਆ
ਮਿਟਦੀ ਏਥੇ ਤੇਰੀ ਮੇਰੀ ਦਿਨ ਰਾਤੀਂ
ਇਹ ਕੋਹਲੂ ਸੁਸਤ ਨਾ ਕਦੇ ਪਿਆ
ਭਰ ਭਰ ਕੇ ਮਜ਼ਦੂਰ ਪਾਉਂਦੇ ਨੇ ਦਾਣੇ
ਚੰਨ ਚਮਕੇ ਸੂਰਜ ਤਪੇ ਪਿਆ
ਪਈ ਟਿਕ ਟਿਕ ਸੁਣਦੀ ਕੋਹਲੂ ਦੀ
ਮੇਰੇ ਅੰਦਰ ਕਵਿਤਾ ਰਚੇ ਪਿਆ
ਆਕੜ ਫੁੱਟਦੀ ਤਿੜ ਤਿੜ ਹੁੰਦੀ
ਮਜ਼ਦੂਰ ਖੁਸ਼ੀ ਤੇ ਅੜੇ ਪਿਆ
ਦੇਖਾਂ ਘੂੰਗਰੂ ਖੜਕਣ ਐ ਦਿਲ
ਕੰਮ ਤਾਂ ਖਾਸਾ ਅਜੇ ਪਿਆ

ਅਜੂਬਾ


ਔਰਤ ਇਕ ਅਜੂਬਾ ਹੈ ਧਰਤੀ ਦਾ
ਬਾਕੀ ਤਾਂ ਗਿਣਤੀ ਹੈ ਪਿੱਛੇ ਦੀ
ਜਿਹੜਾ ਆਦਿ ਕਾਲ ਤੋਂ ਜੀਵਨ ਦਾ ਅੰਮ੍ਰਿਤ ਦੇਂਦਾ ਹੈ
ਨਿੱਤ-ਨਵੇਂ ਇਸ ਚਿੱਤਰ ਅੰਦਰ, ਮਤਲਬ ਭਰਦਾ ਹੈ
ਆਦਿ ਕਾਲ ਤੋਂ ਨੈਣ ਏਸ ਨੂੰ ਤੱਕ ਨਾ ਰੱਜੇ
ਖੋਹਾਂ ਹੋਰ ਡੂੰਘੀਆਂ ਹੋਈਆਂ
ਲੋਕ ਕਹਿਣ ਕਿ ਬਲਦ ਦੇ ਸਿੰਙਾਂ 'ਤੇ ਧਰਤੀ
ਮੈਂ ਮੁਨਕਰ ਹਾਂ
ਪਰ ਮੇਰਾ ਵਿਸ਼ਵਾਸ ਅਟੱਲ ਹੈ
ਕਿ ਆਪਣੇ ਹੱਥਾਂ ਉੱਤੇ ਧਰਤੀ
ਔਰਤ ਨੇ ਹੈ ਚੁੱਕੀ ਹੋਈ
ਇਸੇ ਲਈ ਤਾਂ ਮਹਿਕ ਧਰਤ ਦੀ ਬਦਨ ਜਿਹੀ ਹੈ
ਇਸੇ ਲਈ ਤਾਂ ਲਹਿਰਨ ਫ਼ਸਲਾਂ ਪੱਲੂਆਂ ਵਾਕਣ
ਇਸੇ ਲਈ ਤਾਂ ਧਰਤੀ ਦੇ ਪਾਣੀ
ਏਨੇ ਨਿਰਮਲ ਤੇ ਠੰਡੇ ਹਨ
ਇਸੇ ਲਈ ਚਾਨਣ ਦੀ ਰਾਤੇ ਖੜਕਣ ਪੱਤੇ
ਜਿਵੇਂ ਸਿਤਾਰੇ ਜੜੀਆਂ ਚੁੰਨੀਆਂ
ਇਸੇ ਲਈ ਫੁਲਾਂ ਉੱਤੇ ਬੁੱਲ੍ਹਾਂ ਵਰਗਾ ਭੋਲਾਪਨ ਹੈ
ਤਿਤਲੀਆਂ ਵਿਚ ਨੈਣਾ ਦੀ ਮਸਤੀ
ਧਰਤੀ ਤੇ ਔਰਤ ਦੀ ਪੀੜਾ ਕਿੰਨੀ ਇਕ ਹੈ
ਮਿਹਨਤ ਦੇ ਹਿੱਸੇ ਭੁੱਖਾਂ ਹਨ
ਸਿਤਮ ਦੇ ਨੈਣੀ ਹੰਝੂ ਹਨ
ਔਰਤ ਦੇ ਨੈਣੀ ਹੰਝੂ ਹਨ
ਇਸੇ ਲਈ ਸਾਗਰ ਖਾਰੇ ਹਨ
ਅੱਜ ਇਸ ਨੂੰ ਗੌਰਵ ਪਿਆਰਾ ਹੈ
ਅੱਜ ਇਸ ਦੇ ਨੇੜੇ ਤਾਰੇ ਹਨ
ਔਰਤ ਇਕ ਅਜੂਬਾ ਹੈ ਧਰਤੀ ਦਾ

ਥਕੇਵਾਂ


ਕੁਝ ਵੀ ਕਰਨ ਨੂੰ
ਤੇ ਨਾ ਕਰਨ ਨੂੰ
ਦਿਲ ਨਹੀਂ ਕਰਦਾ
ਬੰਦ ਕੀੜੇ ਵਾਂਗ ਸੋਚ ਤੁਰਦੀ ਹੈ
ਜੇ ਕੋਈ ਕਹੇ :
'ਤੇਰੀ ਸਜਣ ਕੁੜੀ ਗੱਡੀ ਦੇ ਪਹੀਏ ਹੇਠ ਕੁਚਲੀ ਗਈ'
ਤਾਂ ਵੀ ਸ਼ਇਦ……………………
ਜੇ ਪਤਾ ਚਲੇ :
ਭਰਾ ਪਾਗਲ ਹੋ ਗਿਆ ਹੈ
ਤਾਂ ਰਤਾ ਤੜਪਾਂਗਾ
ਜੇ ਕੋਈ ਕਹੇ :
ਤੇਰੀ ਮਾਂ ਪੁਲਸ ਨੇ ਨੰਗੀ ਕਰ ਦਿੱਤੀ
ਤਾਂ ਇਹ ਸਧਾਰਨਤਾ ਲੰਘ ਜਾਏਗੀ
ਗਡੀ ਦੇ ਪਹੀਏ ਵਾਂਙ
ਬਿਨਾ ਤੜਪਿਆਂ,

ਥਕੇਵਾਂ ਸਿਰਫ਼ ਅੰਗਾਂ 'ਚ ਹੈ,
ਦੀਵੇ ਦੀ ਰੌਸ਼ਨੀ 'ਚ
ਮੱਝ ਦਾ ਆਨਾ ਚਮਕਦਾ ਹੈ
ਜਿਸਦਾ ਗੋਹਾ ਚੁਕਣ ਲਗਿਆਂ ਰੋਜ਼
ਸ਼ੈਕਸਪੀਅਰ ਮਹਿਸੂਸ ਕਰਦਾਂ ਆਪਣੇ ਆਪ ਨੂੰ
ਜਿਸ ਦੀਆਂ ਆਣਗਿਣਤ ਸ਼ਾਮਾਂ ਤੇ ਸਵੇਰਾਂ
ਲਿੱਦ ਸੁੰਘਦੀਆਂ ਸਨ

ਮੇਰੀਆਂ ਬਾਹਾਂ ਦਾ ਬਲ
ਨਾ ਘਟਦਾ ਹੈ ਨਾ ਵਧਦਾ ਹੈ
ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ
ਇਹ ਪਰਬਤ ਉਠਾ ਦੇਵਾਂ
ਕਹੀ ਦੇ ਚੇਪੇ ਵਾਂਙ
ਹੂੰਝ ਦੇਵਾਂ ਇਹ ਭਵਨ ਸੜਕਾਂ ਤੋਂ,

ਕੁੱਤੇ ਭੌਂਕਦੇ ਹਨ:
ਮੇਰਾ ਘਰ, ਮੇਰਾ ਘਰ'
ਜਗੀਰਦਾਰ:
'ਮੇਰਾ ਪਿੰਡ ਮੇਰੀ ਸਲਤਨਤ'
ਲੀਡਰ:
"ਮੇਰਾ ਦੇਸ਼, ਮੇਰਾ ਦੇਸ਼"
ਲੋਕ ਕਹਿੰਦੇ ਹਨ
"ਮੇਰੀ ਕਿਸਮਤ, ਮੇਰੀ ਕਿਸਮਤ"
ਮੈਂ ਕੀ ਆਖਾਂ?
ਕੁਝ ਵੀ ਕਰਨ ਨੂੰ
ਤੇ ਨਾ ਕਰਨ ਨੂੰ
ਦਿਲ ਨਹੀਂ ਕਰਦਾ

ਮੇਰਾ ਭਰਾ ਸੱਜਣ ਕੁੜੀ, ਮਾਂ, ਦੇਸ਼
ਕੁਝ ਵੀ ਨਹੀਂ ਮੇਰਾ
ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ…

ਹੀਜੜੇ


ਹੀਜੜੇ ਗਾਉਂਦੇ ਨੇ ਪਿਆਰ
ਉਹ ਗ਼ਲਤ ਗਾਉਂਦੇ ਨੇ
ਉਹ ਗਾਉਂਦੇ ਨੇ ਤਿਰੰਗਾ
ਉਹ ਗ਼ਲਤ ਗਾਉਂਦੇ ਨੇ
ਉਹ ਗਾਉਂਦੇ ਨੇ ਮੋਨਾ-ਲੀਜ਼ਾ
ਜਾਂ ਸੁੰਦਰੀ ਯੂਨਾਨ ਦੀ
ਉਹ ਗ਼ਲਤ ਗਾਉਂਦੇ ਨੇ
ਉਹ ਗਾਉਂਦੇ ਨੇ ਬਿਰਹਾ ਬਿਰਹਾ
ਉਹ ਗ਼ਲਤ ਗਾਉਂਦੇ ਨੇ
ਉਹ ਨੱਚਦੇ ਨੇ
ਵਿਚਾਰੀ ਥਾਂ ਰੋਂਦੀ ਹੈ

ਜਦ ਜੰਗਲ ਸੜਦਾ ਹੈ


ਜਦ ਜੰਗਲ ਸੜ ਜਾਂਦਾ ਹੈ
ਮੁੜ ਫੁੱਟਣ ਵਾਲੀਆਂ ਕੋਪਲਾਂ
ਘਾਹ ਦੇ ਤਿੱਖੇ ਤ੍ਰਿਣ ਸਾਵੇ ਪੀਲੇ
ਤੇ ਮਿੱਟੀ
ਸਭ ਕੁਝ ਮਹਿਕੀਲਾ ਹੁੰਦਾ ਹੈ
ਪਰ ਇਥੇ ਹਰ ਅਗਨ ਤੋਂ ਬਾਅਦ
ਦੁਰਗੰਧ ਉੱਠਦੀ ਹੈ
ਜਿਸ ਹੇਠ ਮਿੱਟੀ
ਬੇਵੱਸ ਹੁੰਦੀ ਹੈ
ਕੋਂਪਲਾਂ ਉਸੇ ਗੰਧ ਵਿਚ
ਪੁੰਗਰਦੀਆਂ ਤੇ ਵਧਦੀਆਂ ਹਨ
ਜੰਗਲ ਸਾਰੇ ਦਾ ਸਾਰਾ ਉੱਗ ਖੜ੍ਹਦਾ ਹੈ
ਅਸੀਂ ਗੁਲਾਮ ਰਹਿੰਦੇ ਹਾਂ

ਤਰਾਨਾ


ਜਾਨ ਜਾਂਦੀ, ਜਾਵੇ, ਦੇਖਣਾ ਨਜ਼ਾਰਾ ਦੋਸਤਾ
ਜਦੋ-ਜਹਿਦ ਪੀਂਘ ਦਾ ਹੁਲਾਰਾ ਦੋਸਤਾ
ਉਨ੍ਹਾਂ ਨਾਲ ਪਾਂਧੇ-ਪੱਤਰੀ ਦੀ ਗੱਲ ਨਾ ਕਰੋ
ਜਿਨ੍ਹਾਂ ਬਦਲ ਦੇਣਾ ਹੁੰਦਾ ਏ ਸਿਤਾਰਾ ਦੋਸਤਾ
ਸਿਰਫ਼ਿਰਿਆਂ ਦੀ ਗੱਲ ਉੱਤੇ ਕੁਝ ਤਾਂ ਯਕੀਨ
ਕਿਉਂ ਭਰਨਾ ਵੀ ਛਡਿਆ ਹੁੰਗਾਰਾ ਦੋਸਤਾ
ਇਸ਼ਕ ਜਿਨ੍ਹਾਂ ਦਾ ਹੈ ਜ਼ਹਿਰ ਦੇ ਪਿਆਲਿਆਂ ਦੇ ਨਾਲ
ਨਹੀਂ ਸਿਦਕ ਤੋਂ ਉਹ ਕਰਦੇ ਕਿਨਾਰਾ ਦੋਸਤਾ
ਮੌਤ ਨਸਦੀ ਹੈ ਆਸ਼ਕਾਂ ਨੂੰ ਛੇੜ ਛੇੜ ਕੇ
ਜਿਵੇਂ ਮਿਲਦਾ ਏ ਹੱਸ ਕੇ ਪਿਆਰਾ ਦੋਸਤਾ
ਘੁੰਡੀ ਹੋਵੇ ਨਾ ਜੇ ਐ ਦਿਲ, ਮਨ 'ਚ ਹੋਰ
ਫਿਰ ਤਾਂ ਕਾਫ਼ੀ ਹੀ ਹੁੰਦਾ ਏ ਇਸ਼ਾਰਾ ਦੋਸਤਾ

ਦੀਵਾ, ਪੈੱਨ ਤੇ ਕਾਪੀ


ਨਮਸਕਾਰ ਇਸ ਦੀਵੇ ਨੂੰ
ਸਰ੍ਹੋਂ ਦਾ ਤੇਲ ਜਿਸ ਵਿਚ
ਲੋਗੜ ਦੀ ਮੋਟੀ ਬੱਤੀ ਥੀਂ
ਜਲ ਰਿਹੈ
ਇਸ ਦੀ ਲਾਟ
ਸੇਕ ਤੇ ਮਹਿਕ ਬਣਦੀ
ਦੂਰ ਦੂਰ ਜਾਂਦੀ ਹੈ
ਦਰਾਵੜਾਂ ਦੀਆਂ ਲਾਸ਼ਾਂ ਦੇ ਪੈਰਾਂ ਕੋਲ
ਜੋ ਆਰੀਆਂ ਦੇ ਮੁੱਢਲੇ ਹੱਲਿਆਂ 'ਚ ਮਰ ਗਏ ਸਨ
ਪੈੱਨ ਚੋਂ ਸਮੁੰਦਰ ਛਲਕਦਾ ਹੈ

ਕਾਪੀ ਤੇ ਕਾਗ਼ਜ਼
ਵਾਸਮੱਤੇ ਰੁਖਾਂ ਦੇ ਪੱਤੇ ਹਨ
ਜਿਨ੍ਹਾਂ ਨੂੰ ਬਾਗ਼ੀ
ਆਪਣੇ ਸਿਰਾਂ ਤੇ ਬੰਨ੍ਹਦੇ ਹਨ
ਤੁੱਰਰਿਆਂ ਵਾਂਙ
ਨੇਜ਼ਿਆਂ ਵਾਂਙ

ਦਇਆ ਸਿੰਘ ਲਈ


ਸ਼ਹੀਦਾ ਤੇਰੇ ਲਹੂ ਵਰਗਾ 
ਦਿਹੁੰ ਚੜ੍ਹਿਆ
ਹਿੱਕ 'ਚ ਅਨ੍ਹੇਰਿਆਂ ਨੇ ਆਪਣੀ
ਇਕ ਕਿੱਲ ਹੋਰ ਜੜਿਆ
ਦਿਹੁੰ ਚੜ੍ਹਿਆ
ਇਕ ਮੁਸਕਾਨ ਤੇਰੇ ਨੂਰ ਦੀ
ਕਿਸੇ ਨੂੰ ਵੀ ਨਹੀਂ ਭੁੱਲਦੀ
ਅੱਖ ਡੁੱਲ੍ਹਦੀ

ਇਕ ਵਿਸ਼ਵਾਸ ਤੇਰੇ ਬੋਲ ਦਾ
ਸਾਂਭ ਦਰਿਆਵਾਂ ਰੱਖਿਆ
ਖੇਤਾਂ ਚੱਖਿਆ
ਜਿਉਂ ਦਿਲ ਨਾਲੋਂ ਕੁਝ ਗੁੰਮਿਆ
ਕਈ ਰੋਜ਼ ਦਿਨ ਖੜ੍ਹਿਆ
ਦਿਹੁੰ ਚੜ੍ਹਿਆ

ਰੋਜ਼ ਲੋਕੀਂ ਮਰ ਮਰ ਜਾਂਵਦੇ
ਖੰਭਾ ਨਾਲੋਂ ਮੌਤਾਂ ਹੌਲੀਆਂ
ਕਿਹਨੇ ਗੌਲੀਆਂ
ਇਕ ਮੌਤ ਸਾਡੀ ਜੱਗ ਤੇ
ਸੱਚ ਦੇ ਪਹਾੜ ਵਰਗੀ
ਝੁਕੇ ਸਰਘੀ

'ਮੌਤ ਇਕ ਆਮ ਜਿਹੀ ਗੱਲ ਹੈ'
ਅਸਾਂ ਨੇ ਸਬਕ ਪੜ੍ਹਿਆ
ਦਿਹੁੰ ਚੜ੍ਹਿਆ
ਹਿੱਕ 'ਚ ਅਨ੍ਹੇਰਿਆਂ ਨੇ ਆਪਣੀ
ਇਕ ਕਿੱਲ ਹੋਰ ਜੜਿਆ
ਦਿਹੁੰ ਚੜ੍ਹਿਆ…

ਸਤਲੁਜ ਦੀਏ 'ਵਾਏ


ਸਤਲੁਜ ਦੀਏ 'ਵਾਏ ਨੀ
ਪ੍ਰੀਤ ਤੇਰੇ ਨਾਲ ਸਾਡੀ 'ਵਾਏ ਨੀ
ਫੇਰ ਅਸੀਂ ਕੋਲ ਤੇਰੇ ਆਏ ਨੀ
ਦਿਲ ਪਹਿਚਾਣ ਸਾਡਾ ਉਠ ਕੇ
ਸਿਰ ਅਸੀਂ ਨਾਲ ਨਾ ਲਿਆਏ ਨੀ
ਆਏ ਸੱਤਾਂ ਸਾਗਰਾਂ ਨੂੰ ਚੀਰ ਕੇ
ਪਾਣੀ ਤੇਰਿਆਂ ਦੇ ਤ੍ਰਿਹਾਏ ਨੀ
ਪਿਆਰ ਤੇਰਾ ਛੋਹੇ ਜਿਹੜੇ ਦਿਲ ਨੂੰ
ਉਹ ਸੂਰਜਾਂ ਦੀ ਅੱਗ ਬਣ ਜਾਏ ਨੀ
ਬੀਜ ਉਹ ਬਗਾਵਤਾਂ ਦੇ ਬੀਜਦਾ
ਗੀਤ ਉਹ ਆਜ਼ਾਦੀਆਂ ਦੇ ਗਾਏ ਨੀ

ਪੰਜਾਬ


ਹਰ ਪਾਸੇ ਪੰਜਾਬ ਏ
ਸਭ ਪਾਸੇ ਰੁਖਾਂ 'ਚ ਘਿਰੇ ਪਿੰਡ ਹਨ
ਘਾਹ ਦੀਆਂ ਗੰਢਾਂ ਹੇਠ
ਸਿਞਾਣੇ ਨਹੀਂ ਜਾਂਦੇ ਲਿਬਾਸ
ਮੈਲਾ ਪਰਨਾ
ਵਧੀ ਦਾਹੜ੍ਹੀ
ਕੰਡ ਤੇ ਮੁੜ੍ਹਕੇ ਦਾ ਕਾਲਾ ਕੀਤਾ ਝੱਗਾ
ਲੱਤਾਂ ਨੰਗੀਆਂ
ਪੈਰ ਪਾਟੇ
ਕੀ ਬੰਗਾਲ
ਕੀ ਕੇਰਲਾ
ਪਸ਼ੂਆਂ ਪਿੱਛੇ ਜਾਂਦੇ ਛੇੜੂ
ਧੂੜ ਵਿਚ ਹਰ ਪਾਸੇ ਪੰਜਾਬੀ ਲੱਗਦੇ ਹਨ.
ਰਾਹਾਂ ਦੇ
ਪਿੱਪਲ
ਖਜੂਰਾਂ
ਬੱਦਲ
ਹਰ ਪਾਸੇ ਮਾਛੀਵਾੜਾ ਏ

ਸੰਸਕ੍ਰਿਤੀ


ਤੂੰ ਕੀ ਏਂ ?
ਕਿਉਂ ਚਿਹਰਾ ਲੁਕਾਇਆ ਏ ?
ਓਹਲਿਆਂ 'ਚ ਤੁਰਦੀ ਏਂ ਕਿਉਂ ?
ਕਿਉਂ ਨਹੁੰ ਵੀ ਲੁਕਾਏ ਨੇ ਆਪਣੇ ?
ਆਖ਼ਰ ਤੂੰ ਹੈ ਕੌਣ ?
ਉਸ ਬੰਦੇ ਨੂੰ ਕਿਤੇ ਵੇਖੋ
ਜੋ ਦਿਨ ਰਾਤ ਭਾਰਾ ਰੱਥ ਖਿੱਚਦਾ ਹੈ
ਉਸਦੇ ਕੰਨਾਂ 'ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ
ਉਸ ਦੇ ਪਿੰਡੇ ਤੇ ਉਨ੍ਹਾਂ ਬੈਂਤਾਂ ਦੀਆਂ ਲਾਸਾਂ ਹਨ
ਜਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ
ਉਹ ਜ਼ਰੂਰ ਪਛਾਣਦਾ ਹੋਏਗਾ
ਉਹ ਰਾਤਾਂ 'ਚ ਕਦੇ ਕਦੇ
ਅੰਬਰ ਜੇਡਾ ਹੌਕਾ ਭਰਦਾ ਹੈ
ਤਾਰੇ ਮੁਰਝਾ ਜਿਹੇ ਜਾਂਦੇ ਹਨ
ਉਹ ਕਹਿੰਦਾ ਹੈ
ਧਰਤੀ ਮੇਰੀ ਪਹਿਲੀ ਮੁਹੱਬਤ ਹੈ
ਉਹ ਜ਼ਿਕਰ ਕਰਦਾ ਹੈ
'ਇਹ ਤਾਰੇ ਅਸਮਾਨ ਵਿਚ
ਮੈਂ ਜੜੇ ਸਨ'
ਉਹ ਈਸਾ ਦੇ ਵਤਨਾਂ 'ਚ ਫਿਰਿਆ ਹੈ
ਉਹ ਗੌਤਮ ਦੇ ਮੁਲਕਾਂ 'ਚ ਤੁਰਿਆ ਹੈ
ਉਸਦੇ ਕੰਨਾਂ 'ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ

ਫ਼ੌਜੀ ਗੱਡੀ


ਫ਼ੌਜੀ ਗੱਡੀ 'ਚ ਬੈਠੇ ਦੋਸਤੋ
ਦੱਸਦੇ ਤੁਹਾਡੇ ਚਿਹਰੇ ਕੱਪੜੇ
ਭਰਤੀ ਹੋ ਕੇ ਜਾ ਰਹੇ ਹੋ ਅੱਜ ਹੀ
ਜਾ ਰਹੇ ਹੋ ਦੂਰ ਮੈਥੋਂ ਦੌੜਦੇ
ਚਿਹਰੇ ਮੇਰੇ ਦੀ ਹੈਰਾਨੀ ਭਾਂਪਦੇ।
ਹਾਂ ਮੇਰੇ ਕੋਲ ਗੱਲ ਹੈ ਕੁਝ ਕਹਿਣ ਨੂੰ...
ਭੀੜਾਂ ਪਿੱਛੇ ਛੱਡੀ ਜਾਂਦੇ ਦੋਸਤੋ
ਕਹਿ ਰਹੇ ਨੇ ਨਕਸ਼ ਨਜ਼ਰਾਂ ਆਪਣੇ
ਕਿ ਪਿਉ ਬੇਵਸ ਕਿਧਰੇ ਅੱਜ ਵੀ
ਰੋਟੀਆਂ ਦੀ ਪੈੜ ਥੱਲੇ ਹੋਣਗੇ
ਜਾਂ ਜਨੌਰਾਂ ਵਾਂਗ ਹੋ ਸੀ ਡਰਦੀਆਂ
ਰੋਜ਼ੀਆਂ ਦੀ ਧਰਤ ਮਾਵਾਂ ਤੁਰਦੀਆਂ
ਜੇ ਤੁਸੀਂ ਕਿਰਸਾਨ ਹੋ ਤਾਂ ਸੱਚ ਹੈ
ਜਾ ਰਹੇ ਹੋ ਛੱਡ ਵਿਕੀਆਂ ਪੈਲੀਆਂ
ਜਾਂ ਖਿੰਡਾ ਦਿੱਤੀ ਹੋਏਗੀ ਫੇਰ ਅੱਜ
ਪੁਲਿਸ ਨੇ ਵੱਡੇ ਭਰਾ ਦੀ ਛਾਬੜੀ।
ਚੱਲੇ ਹੋ ਮਿੱਲਾਂ ਬਚਾਵਣ? ਅਲਵਿਦਾ!
ਮਿੱਲਾਂ ਜਿਥੇ ਮਿੱਝ ਦਾ ਬਣਦਾ ਘਿਓ
ਕਾਮਿਆਂ ਦੀ ਖੱਲ ਜਿੱਥੇ ਸੁੱਕਦੀ।
ਕਰੋਗੇ ਯਾਰ ਕਿੰਝ ਤਿੱਖੀਆਂ ਮਾਰਚਾਂ
ਟਾਲ੍ਹੀਆਂ ਦੇ ਵਾਂਗ ਧੌਣਾਂ ਚੁੱਕ ਕੇ
ਟਾਲ੍ਹੀਆਂ ਕਿ ਜਿਥੋਂ ਡੱਕੇ ਲਾਹੁੰਦੀਆਂ
ਝਿੜਕਾਂ ਦੇ ਕੇ ਮਾਵਾਂ ਲਾਹੀਆਂ ਜਾਂਦੀਆਂ।
ਚੱਲੇ ਹੋ ਮਹਿਲਾਂ ਦੀ ਖ਼ਾਤਿਰ? ਅਲਵਿਦਾ!
ਮਹਿਲ ਜਿਥੇ ਕਿ ਲੜਾਈਆਂ ਦੇ ਦਿਨੀਂ
ਨਫ਼ੇ ਦੀ ਸੂਚੀ ਹੈ ਰਾਤੀਂ ਨੱਚਦੀ।
ਚਲੇ ਹੋ ਸਰਹੱਦਾਂ ਖ਼ਾਤਰ? ਅਲਵਿਦਾ!
ਇਹ ਤਾਂ ਝਗੜੇ ਨੀਤੀਆਂ ਦੀ ਜਾਨ ਨੇ
ਜਾ ਰਹੇ ਹੋ ਜਿੱਥੇ ਸ਼ਾਇਦ ਆਪ ਨੂੰ
ਨਾ ਪਤਾ ਹੋਏਗਾ ਮੇਰੇ ਦੋਸਤੋ
ਕੀਤੀਆਂ ਜਿਥੇ ਸੰਗੀਨਾਂ ਜਾਂਦੀਆਂ
ਭੁੱਖੀਆਂ ਭੀੜਾਂ ਦੇ ਡਰ ਤੋਂ ਸਾਵਧਾਨ।
ਕੁੱਲੀਆਂ ਦੇ ਕੱਖ ਜਿੱਥੇ ਸਾੜ ਕੇ
ਧਰਤ ਦੇ ਗੇੜੇ ਨੂੰ ਫੜਿਆ ਜਾ ਰਿਹਾ
ਤੁਰਦੀਆਂ ਜਿੱਥੇ ਕੇ ਲਾਟਾਂ ਬਾਲ ਕੇ
ਧਰਤੀਆਂ ਬਣ ਬਣ ਕੇ ਨਕਸਲਬਾੜੀਆਂ।
ਜਿੱਥੇ ਉੱਚੇ ਉੱਚੇ ਜੰਗਲ ਤੋਂ ਬਿਨਾਂ
ਚਾਹ ਪੱਤੀਆਂ ਦੇ ਹੱਥੀਂ ਵੀ ਹਥਿਆਰ ਨੇ।
ਜਾ ਰਹੇ ਹੋ ਸ਼ਾਇਦ ਆਪ ਨੂੰ
ਨਾ ਪਤਾ....

ਸਸਤਾ ਸੌਦਾ


ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ
ਮੱਥੇ ਉਤੇ ਤਿਲਕ ਲਗਾਵਾਂ
ਧੋਤੀ ਪਹਿਨਾਂ ਖੱਟੀ
ਮੂੰਹ ਰੰਗ ਚੌਰਾਹੇ ਬੈਠਾਂ
ਸ਼ਾਮਲਾਤ ਜਾਂ ਹੱਟੀ
ਆਪੇ ਰਾਮ ਬਣਾ ਜਾਂ ਲਛਮਣ
ਪੂਜਣ ਜੱਟਾ ਜੱਟੀ
ਮੇਲੇ ਭੀੜਾਂ ਵਿਚ ਗੁਆਚਾਂ
ਦੌਲਤ ਹੋਏ ਇਕੱਠੀ
ਏਨੀ ਦੌਲਤ ਏਨੀ ਦੌਲਤ
ਜਿਉਂ ਪਾਰਸ ਦੀ ਵੱਟੀ
ਦਾਖ ਨਰੇਲ ਨਾਰੀਅਲ ਚੋਖਾ
ਤੇ ਦਾਰੂ ਦੀ ਮੱਟੀ
ਤਿੰਨ ਪੈਸੇ ਦਾ ਰੰਗ ਲਿਆਵਾਂ
ਦੋ ਪੈਸੇ ਦੀ ਅੱਟੀ

ਸਮਾਜ ਖੁੱਲ੍ਹਾ-ਡੁੱਲ੍ਹਾ


ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ
ਅੰਬਰੀ ਨੀਲੱਤਣਾਂ ਤੋਂ ਖੁੱਲ੍ਹਾ
ਇਕ ਪਰਿਵਾਰ, ਇਕ ਪਿਆਲੇ
ਇਕ ਪਰਿਵਾਰ ਇਕ ਚੁੱਲ੍ਹਾ
ਗਿਰਜੀਂ ਮਸੀਤੀਂ ਝੁੱਲੇ ਨ੍ਹੇਰੀ
ਮੰਦਰ ਉਡਾਏ ਕੋਈ ਬੁੱਲ੍ਹਾ
ਗੀਤ ਕੋਈ ਮਿਹਨਤਾਂ ਦੇ ਗਾਏ
ਛੱਡ ਰਾਂਝਾ ਹੀਰ ਭੱਟੀ ਦੁੱਲਾ
ਬੁੱਕਲਾਂ 'ਚੋਂ ਖੋਹੇ ਨਾ ਕੋਈ ਦਾਣੇ
ਕੱਜਣਾ ਤੋਂ ਲਾਹੇ ਨਾ ਕੋਈ ਜੁੱਲਾ
ਛੇੜੋ ਛੇੜੋ ਦਿਲ ਦੀਆਂ ਗੱਲਾਂ
ਕਰੋ ਕਿਤੇ ਕੋਈ ਹੱਲਾ-ਗੁੱਲਾ

ਦੀਵਾਲੀ ਦੀ ਰਾਤ


ਲਹਿਰਦੀ ਹੋਏਗੀ ਕਾਹੀ
ਲਹਿਰਦੇ ਹੋਣਗੇ ਪਾਣੀ
ਕਿਸੇ ਦੀ ਨਜ਼ਰ ਚੁੰਮਣ ਨੂੰ
ਠਹਿਰਦੇ ਹੋਣਗੇ ਪਾਣੀ
ਐਵੇਂ ਢਲ ਆਉਂਦੀਆ ਅੱਖਾਂ
ਕਿਨਾਰੇ ਕੋਲ ਆਥਣ ਤੇ
ਕਿਸੇ ਦੇ ਨੈਣਾਂ ਦੀ ਰੌਣਕ 
ਲੱਗੀ ਹੋਵੇਗੀ ਪੱਤਣ ਤੇ
ਹਵਾਓ ਨੀਂ, ਮੇਰਾ ਆਦਾਬ ਲੈ ਜਾਉ
ਤੇ ਕਹਿਣਾ-
'ਦਿਲ ਥੋੜ੍ਹਾ ਨਈਂ ਕਰੀਦਾ,
ਏਦਾਂ ਕਿਸੇ ਖ਼ਾਤਿਰ'

ਸਿਤਾਰੇ


ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇ
ਬੜੇ ਹੀ ਜਿਗਰੇ ਲੋਕਾਂ ਦੇ ਜਿਨ੍ਹਾਂ ਵਾਲਾਂ 'ਚ ਗੁੰਦੇ ਨੇ

ਅਸਾਡਾ ਹੌਸਲਾ ਵੀ ਧਿਆਨ ਖਿਚੇਗਾ ਬਜ਼ਾਰਾਂ ਦਾ
ਸ਼ਹਿਰ ਤੇਰੇ 'ਚ ਸੁਣਿਆਂ ਹੈ ਸਿਰਾਂ ਦੇ ਮੁੱਲ ਹੁੰਦੇ ਨੇ

ਪਲਕਾਂ ਢੋਣ ਤੋਂ ਪਹਿਲਾਂ ਹੀ ਆ ਬਹਿੰਦੈ ਨਜ਼ਰ ਅੰਦਰ
ਨਿਹੋਰੇ ਨਾਲ ਸੂਰਜ ਤੋਂ ਬਥੇਰੇ ਨੈਣ ਮੁੰਦੇ ਨੇ

ਜਿਸਦਾ ਨਾਂ ਸੁਣਨ ਤੇ ਕੰਨਾਂ 'ਚ ਪੈ ਜਾਂਦਾ ਰਿਹਾ ਸਿੱਕਾ
ਪਰ ਉਸ ਪ੍ਰਭਾਤ ਦੇ ਕੰਨਾਂ 'ਚ ਤਾਂ ਚਾਨਣ ਦੇ ਬੁੰਦੇ ਨੇ

ਚਲੀ ਜਾਵੇਗੀ ਧਰਤੀ ਤੋਂ ਅਸਾਡੀ ਲਾਸ਼ ਦੀ ਬੂ ਵੀ
ਕਿ ਧੁਲ ਕੇ ਖ਼ੂਨ ਦੇ ਹੀ ਨਾਲ ਜ਼ੱਰੇ ਪਾਕ ਹੁੰਦੇ ਨੇ

ਵੀਅਤਨਾਮ


ਇਹ ਝੂਠ ਹੈ
ਕਿ ਉਥੇ ਵਿਦਿਆਲੇ ਨਹੀਂ ਖੁਲਦੇ
ਇਹ ਝੂਠ ਹੈ
ਕਿ ਉਥੋਂ ਦੇ ਲੋਕਾਂ 'ਚ ਦਹਿਲ ਹੈ
ਉਹ ਜੇ ਕੰਬ ਕੇ ਤੁਰਦੇ
ਤਾਂ ਬੰਦਾ ਇਕ ਵੀ ਉਥੇ ਕਿਵੇਂ ਹੁੰਦਾ?
ਉਥੇ ਮਸਾਂ ਤੁਰਨ ਵਾਲੇ ਬੁੱਢੇ ਵੀ
ਪਿੰਡਾਂ ਤੋਂ ਦੂਰ ਤੁਰਦੇ ਹਨ
ਜੋ ਡਿਗਦੇ ਬੰਬ ਅੰਦਰ
ਇਉਂ ਮਾਰਦੇ ਨੇ ਸੋਟੀ
ਕਿ ਮੁੜ ਕੇ ਬੰਬ
ਦੁਸ਼ਮਣ ਦੇ ਕੈਂਪਾਂ 'ਚ ਫਟਦਾ ਹੈ
ਗਾਂਧੀਆਂ ਨੂੰ ਇੰਨੀ ਖੁਲ੍ਹ ਨਹੀਂ ਹੈ ਉਥੇ
ਕਿ ਭਗਤ ਸਿੰਘ ਦੀ ਫ਼ਾਂਸੀ ਦੇ ਮਸ਼ਵਰੇ ਖ਼ਾਤਰ
ਓਹ ਦੁਸ਼ਮਣਾਂ ਦੇ ਕੈਪਾਂ 'ਚ ਚਲੇ ਜਾਵਣ।

ਸਤਲੁਜ ਦੀ ਹਵਾ


ਜਦੋ ਤੇਰੇ ਪੱਲੂਆਂ ਨੂੰ ਕਾਹੀ ਦਿਆਂ ਖੇਤਾਂ ਵਿਚੋਂ
ਲਹਿਰਾਂਦੇ ਮੈਂ ਤੱਕਿਆ
ਮਨ ਵਿਚੋਂ ਮੋਹ ਜਿਹਾ ਉੁੱਠਿਆ
ਮੈਂ ਤੈਨੂੰ ਸਾਹਾਂ ਵਿਚ ਬਾਹਾਂ ਵਿਚ ਤੱਕਿਆ
ਕਿਓੁਂ ਜੋ ਰਾਜ-ਭਵਨਾਂ ਦੇ ਗੰਦੇ ਸਾਹ
ਛੂਹ ਨਾ ਸਕੇ ਤੇਰੀ ਪਾਕ ਆਤਮਾ
ਤੂੰ ਇਹਨਾਂ ਵਹਿਣਾਂ ਵਿਚੋਂ ਉੱਠਦੀ
ਜਿਹਨਾਂ ਦਿਆਂ ਦੁਖੀ ਦਿਲਾਂ
ਕਦੇ ਬੁੱਕਲਾਂ 'ਚ ਸਾਂਭੇ-
ਲਹੌਰ ਦੀਆਂ ਫਾਹੀਆਂ 'ਤੋਂ ਲਾਹੇ ਹੋਏ ਸ਼ਹੀਦ ।
ਏਥੇ ਹਰ ਸਵੇਰ
ਰਾਤ ਦੇ ਦੁਪਿਹਰ, ਸ਼ਾਮ ਸੋਗੀ ਹੁੰਦੀ
ਗੀਤ ਇਥੇ ਉੱਠਦੇ
ਦੂਰ ਝੋਟਿਆਂ ਦੇ ਚਲਦੇ
ਵੱਗ ਚਾਰਦੇ ਜੁਆਕ ਪਾਣੀ ਲੰਘਦੇ
ਮੈਂ ਤੈਨੂੰ ਉੁਦਾਸ ਤੱਕਦਾ
ਤੇਰੇ ਉੱਡਦੇ ਪੱਲੂ
ਜਜ਼ਬਿਆਂ ਦੇ ਜਜ਼ੀਰਿਆਂ ਵੱਲ
ਮੇਰੇ ਬਾਦਬਾਨ ਬਣਦੇ 
ਮੈਂ ਤੈਨੂੰ ਰੁੱਖਾਂ ਵਿਚ ਤੱਕਿਆ
ਕਣਕਾਂ ਦੀ ਉੁਦਾਸੀ ਵਿਚ
ਕਿੱਕਰਾਂ ਦੀ ਮਹਿਕ ਵਿਚ
ਤੂੰ ਦੂਰ ਦੂਰ ਤੱਕਦੀ
ਕਾਵੇਰੀ ਤਕ
ਖੋਹੀ ਜਾਂਦੀ ਥਾਂ
ਕਣਕਾਂ ਦੀ ਪੱਤ
ਧਾਨਾਂ ਦੇ ਜਲਾਏ ਜਾਂਦੇ ਏ ਹਾਸੇ
ਤੂੰ ਦੂਰ ਦੂਰ ਤੱਕਦੀ ਏ ਰਾਜ-ਭਵਨ
ਜੋ ਸਾਂਭੀ ਬੈਠੇ ਅੱਜ ਤੀਕ
ਗੋਰੇ ਦੀਆਂ ਫਾਂਸੀਆਂ

ਅਸੀਂ ਵੱਡੇ ਵੱਡੇ ਪਹਿਲਵਾਨ


ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ।
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ

ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ।
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਣ ਤੇ ਗੋਡਾ ਧਰਕੇ
ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ।

ਸ਼ਕਤੀ


ਲੋਕ ਮਾਰੇ ਮਾਰੇ ਫਿਰਦੇ ਹਨ 
ਹੈਂ ਜੀ ਹੈਂ ਜੀ ਕਰਦੇ ਹਨ
ਹਨੇਰੀਆਂ ਨੁੱਕਰਾਂ 'ਚ ਬਹਿੰਦੇ ਹਨ
ਉਨਾਂ ਨੂੰ ਦੱਸਿਆ ਜਾਂਦਾ ਹੈ
ਕਿ ਉਹ ਦੇਵਤੇ ਦੇ ਪੈਰ 'ਚੋਂ ਜੰਮਦੇ ਨੇ
ਸ਼ਕਤੀ ਮਾਰੀ ਮਾਰੀ ਫਿਰਦੀ ਹੈ
ਅੱਖਾਂ ਤੋਂ ਮੱਖੀਆਂ ਝੱਲਦੀ ਹੈ
ਨੀਵੀਂ ਪਾ ਪਾ ਤੁਰਦੀ ਹੈ
ਸ਼ਕਤੀ ਆਪਣੇ ਡੌਲਿਆਂ ਨੂੰ
ਲੱਤਾਂ ਨੂੰ
ਕੰਮ ਦੇ ਸੰਦ ਸਮਝਦੀ ਹੈ
ਏਦੂੰ ਵੱਧ ਕੁਝ ਨਹੀਂ
ਉਨਾਂ ਤੋਂ ਲੁਕਾਇਆ ਜਾਂਦੈ
ਕਿ ਉਹ ਸਭ ਦਰਾਵੜ ਸਨ।

ਜਜ਼ਬੇ ਦੀ ਖੁਦਕੁਸ਼ੀ


ਮੈਂ ਚਾਹਿਆ ਚੰਨ ਤੇ ਲਿਖ ਦੇਵਾਂ
ਤੇਰੇ ਨਾਂ ਨਾਲ ਨਾਂ ਆਪਣਾ
ਮੈਂ ਚਾਹਿਆ ਹਰ ਜ਼ੱਰੇ ਦੇ ਨਾਲ
ਕਰ ਦੇਵਾਂ ਸਾਂਝੀ ਖੁਸ਼ੀ
ਤੇਰੀ ਉਸ ਦਿਲਬਰੀ ਦੇ ਅੰਦਰ
ਮੇਰਾ ਕੁਝ ਹਾਲ ਸੀ ਏਦਾਂ
ਮੈਂ ਤੇਰੇ ਪਿਆਰ ਦੀ ਗੱਲ ਨੂੰ
ਕਿਵੇਂ ਨਾ ਭੇਤ ਕਰ ਸਕਿਆ
ਤੂੰ ਮੈਨੂੰ ਫੇਰ ਨਹੀਂ ਮਿਲੀਓਂ
ਇਕੇਰਾਂ ਵੀ ਨਹੀਂ ਮਿਲ ਸਕੀਓਂ
ਮੈਂ ਆਪਣੀ ਸਾਧਨਾ ਅੰਦਰ
ਕਿਹੜੇ ਕਿਹੜੇ ਜੰਗਲ ਨਹੀਂ ਤੁਰਿਆ
ਕਿਹੜੇ ਕਿਹੜੇ ਸਾਗਰ ਨਹੀਂ ਤਰਿਆ
ਕਿਹੜੇ ਅੰਬਰ ਨਹੀਂ ਟੋਹੇ
ਕੁਝ ਵੀ ਤੇਰੇ 'ਚੋਂ ਪਰ
ਤੇਰਾ ਨਹੀਂ ਮਿਲਿਆ

ਵੇਸਵਾਵਾਂ ਤ੍ਰੀਮਤਾਂ-ਇਹ ਔਰਤਾਂ


ਇਹ ਔਰਤਾਂ
ਇਹ ਵੇਸਵਾਵਾਂ ਤ੍ਰੀਮਤਾਂ ਕੁੜੀਆਂ
ਮੇਰੀਆਂ ਮਾਵਾਂ, ਭੈਣਾਂ ਤੇ ਧੀਆਂ ਹਨ
ਤੇ ਤੁਹਾਡੀਆਂ ਵੀ।
ਇਹ ਗਊਆਂ ਪੂਜਣ ਵਾਲੇ ਹਿੰਦੁਸਤਾਨ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਅਹਿੰਸਾ ਤੇ ਬੁੱਧ ਦੇ ਪੁਜਾਰੀ ਭਾਰਤ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਇਹ ਵੱਡੇ ਪੂੰਜੀਦਾਰਾਂ ਦੀਆਂ
ਮਾਵਾਂ, ਭੈਣਾਂ ਤੇ ਧੀਆਂ ਹਨ
ਜੇ ਨਹੀਂ
ਤਾਂ ਇਹ ਆਉਣ ਵਾਲੇ ਇਨਕਲਾਬ ਦੀਆਂ
ਮਾਵਾਂ ਭੈਣਾਂ ਤੇ ਧੀਆਂ ਹਨ।

ਸਵੇਰ


ਜ਼ਿੰਦਗ਼ੀ ਦੇ ਯੁਗ ਦੀ ਸਵੇਰ
ਆਏਗੀ ਜ਼ਰੂਰ ਇਕ ਵੇਰ।
ਕੱਲ੍ਹ ਹੋਣਗੇ ਸਾਡੇ ਪੈਰਾਂ ਹੇਠ
ਡਿੱਗੀਆਂ ਇਮਾਰਤਾਂ ਦੇ ਢੇਰ।
ਗਲ ਜਾਣੇ ਗੋਹਿਆਂ 'ਚ ਤਾਜ
ਆਸਣਾਂ ਤੋਂ ਸੁੱਕਣੇ ਕਨੇਰ।

ਨਾਚ


ਜਦ ਮਜੂਰਨ ਤਵੇ 'ਤੇ
ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ

ਬਾਲ ਛੋਟੇ ਨੂੰ ਪਿਉ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ

ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ

ਇਹ ਗੀਤ ਨਹੀਂ ਮਰਦੇ
ਨਾ ਦਿਲਾਂ 'ਚੋਂ ਨਾਚ ਮਰਦੇ ਨੇ।

ਲੰਮਾ ਲਾਰਾ


ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ
ਛੱਜਾਂ ਵਾਲੇ
ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ
ਬੈਠੇ ਨੇ ਜੁਆਕ

ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ 'ਚ ਮਾਵਾਂ ਦੇ ਪੁੱਤ ਸੁੱਤੇ ਹਨ

ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ 'ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?

ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?

ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗੈਰਾਂ ਦੀ ਜ਼ਮੀਨ

ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ
ਜਾਲੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼

ਜਾ ਰਿਹਾ ਹੈ ਨਾਲ ਨਾਲ
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ

ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ

ਸ਼ਾਮ ਦਾ ਰੰਗ


ਸ਼ਾਮ ਦਾ ਰੰਗ ਫਿਰ ਪੁਰਾਣਾ ਹੈ
ਜਾ ਰਹੇ ਨੇ ਬਸਤੀਆਂ ਨੂੰ ਫੁਟਪਾਥ
ਜਾ ਰਹੀ ਝੀਲ ਕੋਈ ਦਫਤਰੋਂ
ਨੌਕਰੀ ਤੋਂ ਲੈ ਜਵਾਬ
ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ

ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ

ਹੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ
ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ
ਸ਼ਾਮ ਦਾ ਰੰਗ ਫਿਰ ਪੁਰਾਣਾ ਹੈ

ਪਿਘਲਦੀ ਚਾਂਦੀ ਵਹੇ ਪਾਣੀ ਨਹੀਂ


ਪਿਘਲਦੀ ਚਾਂਦੀ ਵਹੇ ਪਾਣੀ ਨਹੀਂ 
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ 

ਤੁਰ ਗਿਆ ਕੋਈ ਦਿਲ 'ਚ ਲੈ ਕੇ ਸਾਦਗੀ 
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ 

ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ 
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ 

ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ 
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ 

ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ 
ਕੀ ਐ 'ਦਿਲ' ! ਜੇ ਹਮਸਫਰ ਹਾਣੀ ਨਹੀਂ 

ਮਾਂ ਭੂਮੀ


ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ !
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੋਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ
ਝੂਠ ਕਦੇ ਬੇਮਕਸਦ ਨਹੀਂ ਹੁੰਦਾ
ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ
ਸੋਨੇ ਦੀ ਚਿੜੀ ਕਹਿੰਦੇ ਹਨ 

WELCOME TO LAL SINGH DIL POEMS

WELCOME TO LAL SINGH DIL POEMS A  www.alfaz4life.com  Presentation Thanks for visting and keep supporting. www.under499.co.in www....